ਜ਼ਿਲ੍ਹੇ ਭਰ ‘ਚ ਕੰਬਾਈਨਾਂ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਚਲਾਉਣ ‘ਤੇ ਪਾਬੰਦੀ : ਡਿਪਟੀ ਕਮਿਸ਼ਨਰ ਬਠਿੰਡਾ

Share:

ਬਠਿੰਡਾ, 18 ਨਵੰਬਰ 2024 – ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਭਾਰਤੀਆ ਨਾਗਰਿਕ ਸੁਰਕਸ਼ਾ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜੇਕਰ ਇਸ ਸਮੇਂ ਦੌਰਾਨ ਕੋਈ ਕੰਬਾਈਨ ਝੋਨੇ ਦੀ ਫ਼ਸਲ ਕੱਟਦੀ ਫੜੀ ਗਈ ਤਾਂ ਉਸ ਨੂੰ ਤੁਰੰਤ ਜਬਤ ਕੀਤਾ ਜਾਵੇਗਾ।

ਹੁਕਮ ਅਨੁਸਾਰ ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜਨ ਸ਼ੁਰੂ ਹੋ ਗਿਆ ਹੈ ਅਤੇ ਆਮ ਤੌਰ ਉੱਤੇ ਵੇਖਿਆ ਗਿਆ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਸਮੇਂ ਕੰਬਾਈਨਾਂ ਚੱਲਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਅਤੇ ਦੁਰਘਟਨਾ ਵਾਪਰਨ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਕੰਬਾਈਨਾਂ ਰਾਤ ਵੇਲੇ ਹਰਾ ਝੋਨਾ ਜੋ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ, ਕੱਚਾ ਦਾਣਾ ਹੀ ਕੱਟ ਦਿੰਦੀਆਂ ਹਨ, ਜਿਸ ਨਾਲ ਝੋਨੇ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ ਅਤੇ ਖ਼ਰੀਦ ਏਜੰਸੀਆਂ ਵੀ ਝੋਨੇ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ।

ਇਸੇ ਤਰ੍ਹਾਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਬਠਿੰਡਾ ਅੰਦਰ ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਖੇਤਾਂ ਵਿੱਚ ਪਏ ਝੋਨੇ ਦੇ ਨਾੜ/ਪਰਾਲੀ/ਰਹਿੰਦ-ਖੂੰਹਦ ਆਦਿ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਝੋਨਾ ਕੱਟਣ ਉਪਰੰਤ ਫ਼ਸਲ ਦੀ ਨਾੜ/ਪਰਾਲੀ/ਰਹਿੰਦ-ਖੂੰਹਦ ਨੂੰ ਕਿਸਾਨਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਜ਼ਮੀਨ ਦੀ ਉਪਰਲੀ ਸਤ੍ਹਾ ਅੱਗ ਨਾਲ ਜਲਣ ਕਾਰਨ ਇਸ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ ਤੇ ਆਲੇ-ਦੁਆਲੇ ਖੜੀ ਫ਼ਸਲ, ਗੋਦਾਮਾਂ ਵਿੱਚ ਸਟੋਰ ਕੀਤੀ ਗਈ ਫ਼ਸਲ, ਗੋਲਾ ਬਰੂਦ ਦੇ ਡੀਪੂ ਵਿੱਚ ਅੱਗ ਲੱਗ ਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਵਾਤਾਵਰਣ ਵੀ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਹਵਾ ਵਿੱਚ ਧੂੰਏ ਨਾਲ ਪ੍ਰਦੂਸ਼ਨ ਫ਼ੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਦੀ ਰੋਕਥਾਮ ਕਰਨ ਦੀ ਜ਼ਰੂਰਤ ਨੂੰ ਦੇਖਦਿਆਂ ਇਹ ਪਾਬੰਦੀ ਲਗਾਈ ਗਈ ਹੈ।

ਇਹ ਹੁਕਮ 16 ਜਨਵਰੀ 2025 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *

Modernist Travel Guide All About Cars