ਕਿਵੇਂ ਹੁੰਦੀ ਹੈ ਵੋਟਾਂ ਦੀ ਗਿਣਤੀ ? ਕਿੰਨਾ ਵੱਡਾ ਹੁੰਦਾ ਹੈ ਮਤਗਣਨਾ ਦਾ ਇੱਕ ਗੇੜ ਜਾਂ ਰਾਊਂਡ ? ਜਾਣੋ ਪੂਰਾ ਪ੍ਰੋਸੈੱਸ

ਦਿੱਲੀ ਚੋਣਾਂ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਇਹ ਅੱਜ ਪਤਾ ਲੱਗ ਜਾਵੇਗਾ। ਸ਼ਨੀਵਾਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਦਿੱਲੀ ਦੀਆਂ 70 ਸੀਟਾਂ ਦੀ ਸਥਿਤੀ ਦਾ ਪਤਾ ਲੱਗ ਸਕੇਗਾ। ਐਗਜ਼ਿਟ ਪੋਲ ‘ਚ ਸਾਹਮਣੇ ਆਈ ਤਸਵੀਰ ਤੋਂ ਬਾਅਦ ਸ਼ਾਮ ਤੱਕ ਨਤੀਜੇ ਆਉਣਗੇ ਜੋ ਦੱਸਣਗੇ ਕਿ ਦਿੱਲੀ ‘ਚ ਕਿਸ ਦੀ ਸਰਕਾਰ ਬਣੇਗੀ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਅੱਜ ਅਸੀਂ ਜਾਣਾਂਗੇ ਕਿ ਵੋਟਾਂ ਦੀ ਗਿਣਤੀ ਕਿਵੇਂ ਸ਼ੁਰੂ ਹੁੰਦੀ ਹੈ ਅਤੇ EVM ਦੇ ਸਟਰਾਂਗ ਰੂਮ ਤੋਂ ਬਾਹਰ ਆਉਣ ਤੋਂ ਲੈ ਕੇ ਜੇਤੂ ਉਮੀਦਵਾਰ ਨੂੰ ਸਰਟੀਫਿਕੇਟ ਜਾਰੀ ਕਰਨ ਤੱਕ ਦੀ ਪੂਰੀ ਪ੍ਰਕਿਰਿਆ ਕਿਵੇਂ ਹੁੰਦੀ ਹੈ?
ਗਿਣਤੀ ਦੀ ਥਾਂ ਕੌਣ ਤੈਅ ਕਰਦਾ ਹੈ?
ਲੋਕ ਨੁਮਾਇੰਦਗੀ ਐਕਟ-1951 ਦੀ ਧਾਰਾ 64 ਵਿਚ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ ਭਾਵ ਸਬੰਧਤ ਹਲਕੇ ਦੇ ਆਰ.ਓ. ਦੀ ਦੇਖ-ਰੇਖ ਵਿਚ ਕੀਤੀ ਜਾਵੇਗੀ । ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਜਾਂਦਾ ਹੈ। ਜੇਕਰ ਇੱਕ ਜ਼ਿਲ੍ਹੇ ਵਿੱਚ ਇੱਕ ਤੋਂ ਵੱਧ ਹਲਕੇ ਹਨ ਤਾਂ ਦੂਜੇ ਸਰਕਾਰੀ ਮੁਲਾਜ਼ਮਾਂ ਨੂੰ ਚੋਣ ਅਧਿਕਾਰੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਚੋਣ ਰਾਜ ਸਰਕਾਰ ਦੀ ਸਲਾਹ ‘ਤੇ ਚੋਣ ਕਮਿਸ਼ਨ ਵੱਲੋਂ ਕੀਤੀ ਜਾਂਦੀ ਹੈ। ਵੋਟਾਂ ਦੀ ਗਿਣਤੀ ਦੀ ਤਰੀਕ ਚੋਣ ਕਮਿਸ਼ਨ ਵੱਲੋਂ ਤੈਅ ਕੀਤੀ ਜਾਂਦੀ ਹੈ। ਪਰ ਇਹ ਫੈਸਲਾ ਕਰਨਾ ਰਿਟਰਨਿੰਗ ਅਫਸਰ ਦਾ ਕੰਮ ਹੈ ਕਿ ਵੋਟਾਂ ਦੀ ਗਿਣਤੀ ਕਿੱਥੇ ਹੋਵੇਗੀ? ਆਮ ਤੌਰ ‘ਤੇ ਜ਼ਿਆਦਾਤਰ ਖੇਤਰਾਂ ਵਿੱਚ ਵੋਟਾਂ ਦੀ ਗਿਣਤੀ ਲਈ ਇੱਕ ਜਗ੍ਹਾ ਹੁੰਦੀ ਹੈ। ਜਿਵੇਂ- ਰਿਟਰਨਿੰਗ ਅਫ਼ਸਰ ਦਾ ਹੈੱਡਕੁਆਰਟਰ, ਜੋ ਆਮ ਤੌਰ ‘ਤੇ ਜ਼ਿਲ੍ਹਾ ਹੈੱਡਕੁਆਰਟਰ ਹੁੰਦਾ ਹੈ, ਨੂੰ ਪਹਿਲ ਦਿੱਤੀ ਜਾਂਦੀ ਹੈ। ਵੋਟਾਂ ਦੀ ਗਿਣਤੀ ਆਰ.ਓ ਦੀ ਨਿਗਰਾਨੀ ਹੇਠ ਹੁੰਦੀ ਹੈ। ਵੋਟਾਂ ਦੀ ਗਿਣਤੀ ਲਈ ਵੱਡਾ ਹਾਲ ਚੁਣਿਆ ਜਾਂਦਾ ਹੈ। ਇਸ ਦੇ ਲਈ ਵੱਡੇ ਵੱਡੇ ਮੇਜ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਹੁੰਦੀ ਹੈ।
ਇਸ ਤਰ੍ਹਾਂ ਹੁੰਦੀ ਹੈ ਵੋਟਾਂ ਦੀ ਗਿਣਤੀ
ਵੋਟਿੰਗ ਤੋਂ ਬਾਅਦ ਈਵੀਐਮ ਨੂੰ ਸਟਰਾਂਗ ਰੂਮ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ । ਗਿਣਤੀ ਵਾਲੇ ਦਿਨ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਨ੍ਹਾਂ ਨੂੰ ਬਾਹਰ ਕੱਢ ਕੇ ਗਿਣਤੀ ਵਾਲੀ ਥਾਂ ’ਤੇ ਖੋਲ੍ਹਿਆ ਜਾਂਦਾ ਹੈ। ਇਸ ਉਪਰੰਤ ਆਰ.ਓ ਪਾਰਟੀ ਵੱਲੋਂ ਨਿਯੁਕਤ ਕਾਊਂਟਿੰਗ ਸੁਪਰਵਾਈਜ਼ਰ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੰਦੇ ਹਨ।
ਇਸ ਸਮੁੱਚੀ ਪ੍ਰਕਿਰਿਆ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਆਜ਼ਾਦ ਉਮੀਦਵਾਰ ਆਪਣੇ ਕਾਊਂਟਿੰਗ ਏਜੰਟਾਂ ਅਤੇ ਚੋਣ ਏਜੰਟਾਂ ਸਮੇਤ ਹਾਜ਼ਰ ਰਹਿੰਦੇ ਹਨ। ਟੇਬਲ ਅਤੇ ਕਾਉਂਟਿੰਗ ਏਜੰਟ ਦੇ ਵਿਚਕਾਰ ਗੈਪ ਰੱਖਿਆ ਜਾਂਦਾ ਹੈ ਤਾਂ ਜੋ ਏਜੰਟ ਗਿਣਤੀ ਦੌਰਾਨ ਮਸ਼ੀਨਾਂ ਨੂੰ ਛੂਹ ਨਾ ਸਕਣ। ਇਸ ਦੇ ਲਈ ਜਾਲੀ ਜਾਂ ਬਾਂਸ ਦੇ ਡੰਡਿਆਂ ਦਾ ਬੈਰੀਅਰ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ…ਜਾਣੋ ਕਿੰਨੇ ਦੇਸ਼ਾਂ ਕੋਲ ਹਨ ਲੇਜ਼ਰ ਹਥਿਆਰ, ਅਮਰੀਕਾ ਨੇ Laser Weapon HELIOS ਨਾਲ ਦਿਖਾਈ ਤਾਕਤ
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ। ਇਹ ਇਲੈਕਟ੍ਰਾਨਿਕ ਟਰਾਂਸਮਿਟਡ ਪੋਸਟਲ ਬੈਲਟ ਅਤੇ ਪੋਸਟਲ ਬੈਲਟ ਨਾਲ ਸ਼ੁਰੂ ਹੁੰਦੀ ਹੈ।ਇਸਦੇ ਲਈ ਇੱਕ ਵੱਖਰੇ ਟੇਬਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਲੈਕਟ੍ਰਾਨਿਕ ਟਰਾਂਸਮਿਟਡ ਪੋਸਟਲ ਬੈਲਟ ਅਤੇ ਪੋਸਟਲ ਬੈਲਟ ਦੀ ਗਿਣਤੀ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਈ.ਵੀ.ਐੱਮ. ‘ਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਪੋਸਟਲ ਬੈਲਟ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਈਵੀਐਮ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇ।
ਕਿੰਨਾ ਵੱਡਾ ਹੁੰਦਾ ਹੈ ਮਤਗਣਨਾ ਦਾ ਇੱਕ ਰਾਊਂਡ ਜਾਂ ਗੇੜ ?
ਗਿਣਤੀ ਦੌਰਾਨ ਜਦੋਂ 14 ਈ.ਵੀ.ਐਮਜ਼ ਵਿੱਚ ਪਈਆਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਂਦੀ ਹੈ ਤਾਂ ਇਸ ਨੂੰ ਇੱਕ ਗੇੜ ਜਾਂ ਚੱਕਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਪੂਰੇ ਵੋਟਿੰਗ ਦੇ ਕਈ ਗੇੜ ਚਲਦੇ ਹਨ। ਹਰ ਗੇੜ ਦੇ ਨਤੀਜਿਆਂ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਕਿਹੜਾ ਉਮੀਦਵਾਰ ਅੱਗੇ ਹੈ। ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਰਿਟਰਨਿੰਗ ਅਫਸਰ ਨਤੀਜੇ ਦਾ ਐਲਾਨ ਕਰਦਾ ਹੈ। ਇਸ ਤੋਂ ਬਾਅਦ ਉਹ ਜੇਤੂ ਉਮੀਦਵਾਰ ਨੂੰ ਸਰਟੀਫਿਕੇਟ ਦਿੰਦਾ ਹੈ। ਵੋਟਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਅੰਕੜੇ ਅਪਡੇਟ ਹੁੰਦੇ ਰਹਿੰਦੇ ਹਨ।